ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੇਂ ਤੋਂ ਹੀ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਸਖ਼ਤ ਕੀਤੀਆਂ ਜਾ ਰਹੀਆਂ ਹਨ, ਅਤੇ ਹੁਣ ਸਰਕਾਰ ਨੇ ਵੀਜ਼ਾ ਨੀਤੀਆਂ ਵਿੱਚ ਹੋਰ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਤਹਿਤ, ਜੇਕਰ ਕਿਸੇ ਵਿਦੇਸ਼ੀ ਨਾਗਰਿਕ ਨੂੰ ਸ਼ੂਗਰ, ਮੋਟਾਪਾ, ਕੈਂਸਰ ਜਾਂ ਦਿਲ ਦੀ ਬਿਮਾਰੀ ਵਰਗੀਆਂ ਗੰਭੀਰ ਬਿਮਾਰੀਆਂ ਹਨ, ਤਾਂ ਉਸ ਦਾ ਅਮਰੀਕੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਨਵੇਂ ਹੁਕਮ ਮੁਤਾਬਕ, ਅਜਿਹੇ ਉਮੀਦਵਾਰਾਂ ਨੂੰ “ਪਬਲਿਕ ਚਾਰਜ” (ਯਾਨੀ ਸਰਕਾਰੀ ਬੋਝ) ਮੰਨਦਿਆਂ ਵੀਜ਼ਾ ਨਾ ਦਿੱਤਾ ਜਾਵੇ। ਇਹ ਨੀਤੀ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤੀ ਗਈ ਹੈ ਕਿ ਅਮਰੀਕਾ ਵਿੱਚ ਰਹਿਣ ਵਾਲੇ ਵਿਦੇਸ਼ੀ ਸਰਕਾਰ ਉੱਤੇ ਮੈਡੀਕਲ ਖਰਚ ਦਾ ਬੋਝ ਨਾ ਬਣਣ।
ਨਿਯਮਾਂ ਦੇ ਅਨੁਸਾਰ, ਵੀਜ਼ਾ ਅਧਿਕਾਰੀ ਹੁਣ ਸਿਰਫ਼ ਅਰਜ਼ੀਕਾਰ ਦੀ ਨਹੀਂ, ਬਲਕਿ ਉਸਦੇ ਆਸ਼ਰਿਤ ਪਰਿਵਾਰਕ ਮੈਂਬਰਾਂ ਦੀ ਸਿਹਤ ਸਥਿਤੀ ਵੀ ਵੇਖ ਸਕਣਗੇ। ਇਸ ਵਿੱਚ ਬੱਚੇ, ਬਜ਼ੁਰਗ ਮਾਪੇ ਅਤੇ ਹੋਰ ਨਿਰਭਰ ਵੀ ਸ਼ਾਮਲ ਹਨ।
ਮਾਹਿਰਾਂ ਦੇ ਅਨੁਸਾਰ, ਪਹਿਲਾਂ ਵੀ ਸਿਹਤ ਜਾਂਚ ਪ੍ਰਕਿਰਿਆ ਦਾ ਹਿੱਸਾ ਸੀ, ਪਰ ਨਵੇਂ ਨਿਯਮਾਂ ਨਾਲ ਵੀਜ਼ਾ ਅਧਿਕਾਰੀਆਂ ਨੂੰ ਜ਼ਿਆਦਾ ਵਿਵੇਕ ਅਧਿਕਾਰ ਮਿਲ ਗਏ ਹਨ। ਉਹ ਹੁਣ ਸਿਹਤ ਖਰਚ ਜਾਂ ਸੰਭਾਵਿਤ ਜੋਖਮ ਦੇ ਆਧਾਰ ’ਤੇ ਵੀ ਵੀਜ਼ਾ ਰੱਦ ਕਰ ਸਕਦੇ ਹਨ।
ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਰਡੀਓਵੈਸਕੁਲਰ, ਸਾਹ, ਨਿਊਰੋਲੋਜਿਕਲ, ਮੈਟਾਬੋਲਿਕ ਤੇ ਮਾਨਸਿਕ ਬਿਮਾਰੀਆਂ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ। ਮੋਟਾਪੇ ਨੂੰ ਵੀ ਇੱਕ ਗੰਭੀਰ ਸਿਹਤ ਜੋਖਮ ਮੰਨਿਆ ਜਾਵੇਗਾ ਕਿਉਂਕਿ ਇਹ ਕਈ ਹੋਰ ਰੋਗਾਂ ਦਾ ਕਾਰਨ ਬਣ ਸਕਦਾ ਹੈ।
ਇਸ ਨੀਤੀ ਦੀ ਆਲੋਚਨਾ ਕਰਦੇ ਹੋਏ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਭੇਦਭਾਵਪੂਰਨ ਅਤੇ ਅਮਾਨਵੀ ਕਦਮ ਹੈ। ਬਿਮਾਰੀ ਦੇ ਆਧਾਰ ’ਤੇ ਲੋਕਾਂ ਨੂੰ ਪ੍ਰਵੇਸ਼ ਤੋਂ ਰੋਕਣਾ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਮਾਹਿਰਾਂ ਮੁਤਾਬਕ, ਇਸ ਨੀਤੀ ਦਾ ਸਭ ਤੋਂ ਵੱਧ ਪ੍ਰਭਾਵ ਉਹਨਾਂ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ’ਤੇ ਪਵੇਗਾ ਜੋ ਇਲਾਜ ਜਾਂ ਰੋਜ਼ਗਾਰ ਲਈ ਅਮਰੀਕਾ ਜਾਣਾ ਚਾਹੁੰਦੇ ਹਨ।

More Related Stories
ਤਹਿਰਾਨ ’ਚ ਭਿਆਨਕ ਜਲ ਸੰਕਟ : ਸਿਰਫ਼ ਦੋ ਹਫ਼ਤਿਆਂ ਦੀ ਪਾਣੀ ਸਪਲਾਈ ਬਚੀ, ਲੱਖਾਂ ਲੋਕਾਂ ਨੂੰ ਖਤਰਾ