Entertainment

April 23, 2026

ਤਰਨ ਤਾਰਨ ਜ਼ਿਮਨੀ ਚੋਣ: 11 ਨਵੰਬਰ ਨੂੰ ਸਾਰੇ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ

ਚੰਡੀਗੜ੍ਹ: ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 11 ਨਵੰਬਰ 2025 (ਮੰਗਲਵਾਰ) ਨੂੰ ਵੋਟਿੰਗ ਹੋਵੇਗੀ। ਇਸ ਮੌਕੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਹਲਕੇ ਤਰਨ ਤਾਰਨ ਵਿੱਚ ਸਥਿਤ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਸੰਸਥਾਵਾਂ ਲਈ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਤਨਖਾਹ ਸਮੇਤ ਛੁੱਟੀ ਵਜੋਂ ਘੋਸ਼ਿਤ ਕੀਤੀ ਗਈ ਹੈ।

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਜੇ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਤਰਨ ਤਾਰਨ ਹਲਕੇ ਦਾ ਵੋਟਰ ਹੈ ਅਤੇ ਉਹ ਕਿਸੇ ਹੋਰ ਜ਼ਿਲ੍ਹੇ ਜਾਂ ਸ਼ਹਿਰ ਵਿੱਚ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਜਾਂ ਸਰਕਾਰੀ ਵਿਦਿਅਕ ਅਦਾਰੇ ਵਿੱਚ ਕੰਮ ਕਰਦਾ ਹੈ, ਤਾਂ ਉਹ ਵੋਟ ਪਾਉਣ ਲਈ ਖ਼ਾਸ ਛੁੱਟੀ ਪ੍ਰਾਪਤ ਕਰ ਸਕਦਾ ਹੈ। ਇਸ ਲਈ ਕੇਵਲ ਵੋਟਰ ਕਾਰਡ ਦਿਖਾ ਕੇ ਸਬੰਧਤ ਅਥਾਰਟੀ ਤੋਂ ਇਹ ਛੁੱਟੀ ਲਈ ਜਾ ਸਕਦੀ ਹੈ, ਜੋ ਕਰਮਚਾਰੀ ਦੀ ਨਿਯਮਿਤ ਛੁੱਟੀਆਂ ਵਿਚੋਂ ਨਹੀਂ ਕੱਟੀ ਜਾਵੇਗੀ।

ਇਹ ਫ਼ੈਸਲਾ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135-ਬੀ (1) ਦੇ ਤਹਿਤ ਲਿਆ ਗਿਆ ਹੈ, ਜਿਸ ਅਨੁਸਾਰ ਚੋਣਾਂ ਵਾਲੇ ਦਿਨ ਹਰ ਯੋਗ ਵੋਟਰ ਕਰਮਚਾਰੀ ਨੂੰ ਤਨਖਾਹ ਸਮੇਤ ਛੁੱਟੀ ਦਿੱਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ, ਪੰਜਾਬ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਐਕਟ 1958 ਦੀ ਧਾਰਾ 28 ਅਧੀਨ, ਹਲਕੇ ਦੇ ਸਾਰੇ ਉਦਯੋਗਿਕ ਅਦਾਰਿਆਂ ਅਤੇ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ, ਜੋ ਵੋਟਰ ਹਨ, ਨੂੰ ਵੀ ਛੁੱਟੀ ਦਿੱਤੀ ਜਾਵੇਗੀ। ਇਸ ਦਿਨ ਕਿਸੇ ਵੀ ਵੋਟ ਪਾਉਣ ਵਾਲੇ ਕਰਮਚਾਰੀ ਨੂੰ ਕੰਮ ਤੇ ਹਾਜ਼ਰ ਹੋਣ ਲਈ ਮਜਬੂਰ ਨਹੀਂ ਕੀਤਾ ਜਾ ਸਕੇਗਾ।