ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਓ ਨੇ ਪੰਜਾਬ ਯੂਨੀਵਰਸਿਟੀ (ਪੀ.ਯੂ.) ਚੰਡੀਗੜ੍ਹ ਦੀ ਸੈਨੇਟ ਚੋਣਾਂ ਦੀ ਤਰੀਖ਼ ਦਾ ਐਲਾਨ ਨਾ ਕਰਨ ਲਈ ਭਾਜਪਾ ਨੇਤ੍ਰਿਤਵ ਵਾਲੀ ਕੇਂਦਰ ਸਰਕਾਰ ਦੀ ਕੜੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਵਿਵਾਦਿਤ ਨੋਟੀਫਿਕੇਸ਼ਨ ਰੱਦ ਕਰਕੇ ਜ਼ਰੂਰ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਹੈ, ਪਰ ਅਜੇ ਤੱਕ ਚੋਣਾਂ ਦੀ ਤਰੀਖ਼ ਜਾਰੀ ਨਾ ਕਰਨਾ ਲੋਕਤੰਤਰਕ ਪ੍ਰਕਿਰਿਆ ‘ਤੇ ਸਵਾਲ ਖੜ੍ਹਾ ਕਰਦਾ ਹੈ।
ਈਟੀਓ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬੀਆਂ ਅਤੇ ਵਿਦਿਆਰਥੀਆਂ ਦੇ ਹੱਕਾਂ ਦੀ ਰੱਖਿਆ ਲਈ ਡੱਟ ਕੇ ਖੜ੍ਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਯੂਨੀਵਰਸਿਟੀ ਦੇ ਸੰਘੀ ਢਾਂਚੇ ਅਤੇ ਆਤਮਨਿਰਭਰਤਾ ਦੀ ਰੱਖਿਆ ਲਈ ਕੋਈ ਕਮੀ ਨਹੀਂ ਛੱਡੇਗੀ।
ਉਨ੍ਹਾਂ ਕਿਹਾ ਕਿ ਸੈਨੇਟ ਦੇ 91 ਮੈਂਬਰਾਂ ਦਾ ਕਾਰਜਕਾਲ 31 ਅਕਤੂਬਰ, 2024 ਨੂੰ ਸਮਾਪਤ ਹੋ ਗਿਆ ਸੀ ਪਰ ਭਾਜਪਾ ਸਰਕਾਰ ਵੱਲੋਂ ਨਵੀਆਂ ਚੋਣਾਂ ਲਈ ਕੋਈ ਸ਼ੈਡੂਲ ਜਾਰੀ ਨਾ ਕਰਨਾ ਸਿੱਧਾ ਲੋਕਤੰਤਰ ‘ਤੇ ਹਮਲਾ ਹੈ। ਕੈਬਨਿਟ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੇ ਭਾਜਪਾ ਸਰਕਾਰ ਨੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਦਾ ਆਦਰ ਨਾ ਕੀਤਾ ਤਾਂ ਉਸਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਐਲਾਨ ਕੀਤਾ ਕਿ ਜਦ ਤੱਕ ਸੈਨੇਟ ਚੋਣਾਂ ਦੀ ਤਰੀਖ਼ ਦਾ ਐਲਾਨ ਨਹੀਂ ਹੁੰਦਾ, ਕੇਂਦਰ ਸਰਕਾਰ ਦੇ ਖ਼ਿਲਾਫ਼ ਵਿਰੋਧ ਜਾਰੀ ਰਹੇਗਾ ਅਤੇ ਪੰਜਾਬ ਸਰਕਾਰ ਹਰ ਮੰਚ ‘ਤੇ ਇਸ ਮਸਲੇ ਨੂੰ ਉਠਾਏਗੀ।

More Related Stories
ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਕਿਸਾਨਾਂ ਤੇ ਪੁਲਿਸ ਵਿਚ ਤਣਾਅ, ਬੈਰੀਕੇਡ ਤੋੜ ਕੇ ਕਿਸਾਨ ਪਹੁੰਚੇ ਚੰਡੀਗੜ੍ਹ – ਯਾਤਰੀ ਪਰੇਸ਼ਾਨ
ਜਲੰਧਰ ‘ਚ ਸਿਟੀ ਇੰਸਟੀਚਿਊਟ ਦੀ ਬੱਸ ਤੇ ਕੰਟੇਨਰ ਦੀ ਟੱਕਰ, ਬੱਸ ਪਲਟੀ – ਵਿਦਿਆਰਥੀ ਸੁਰੱਖਿਅਤ
ਆਈਪੀਐਸ ਅਫਸਰ ਵਾਈ. ਪੂਰਨ ਕੁਮਾਰ ਖੁਦਕੁਸ਼ੀ ਮਾਮਲਾ: ਹਾਈ ਕੋਰਟ ਵੱਲੋਂ ਚੰਡੀਗੜ੍ਹ ਪੁਲਿਸ ਤੋਂ ਪ੍ਰਗਤੀ ਰਿਪੋਰਟ ਤਲਬ