ਸ੍ਰੀਨਗਰ/ਫਰੀਦਾਬਾਦ: ਜੰਮੂ-ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਸਰੇ ਇੱਕ ਵੱਡੇ ਅਤਿਵਾਦੀ ਜਾਲ ਦਾ ਪਰਦਾਫਾਸ਼ ਹੋਇਆ ਹੈ। ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜੇ ਇਸ ਮਾਡਿਊਲ ਵਿਚੋਂ ਤਿੰਨ ਡਾਕਟਰਾਂ ਸਮੇਤ ਕੁੱਲ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 2,900 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ, ਹਥਿਆਰ ਅਤੇ ਗੋਲਾ-ਬਾਰੂਦ ਜ਼ਬਤ ਕੀਤਾ ਹੈ।
ਅਧਿਕਾਰੀਆਂ ਅਨੁਸਾਰ, ਇਹ ਕਾਰਵਾਈ ਪਿਛਲੇ 15 ਦਿਨਾਂ ਤੋਂ ਚੱਲ ਰਹੀ ਸੀ ਅਤੇ ਇਸ ਦੌਰਾਨ ਕਈ ਸੂਬਿਆਂ ਦੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਮਿਲਜੁਲ ਕੇ ਇਹ ਵੱਡੀ ਸਫਲਤਾ ਹਾਸਲ ਕੀਤੀ। ਗ੍ਰਿਫਤਾਰ ਡਾਕਟਰਾਂ ਵਿਚ ਕਸ਼ਮੀਰ ਦੇ ਡਾ. ਮੁਜ਼ਮਿਲ ਗਨਾਈ ਅਤੇ ਉੱਤਰ ਪ੍ਰਦੇਸ਼ ਦੇ ਡਾ. ਸ਼ਾਹੀਨ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਫਰੀਦਾਬਾਦ ਤੋਂ ਹਿਰਾਸਤ ਵਿਚ ਲੈ ਕੇ ਸ੍ਰੀਨਗਰ ਲਿਆਂਦਾ ਗਿਆ ਸੀ। ਉਨ੍ਹਾਂ ਦੀ ਕਾਰ ਵਿਚੋਂ ਇੱਕ ਏਕੇ-47 ਰਾਈਫਲ ਵੀ ਮਿਲੀ।
ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਫਰੀਦਾਬਾਦ ਵਿਚ ਗਨਾਈ ਦੇ ਕਿਰਾਏ ਦੇ ਘਰ ਤੋਂ 360 ਕਿਲੋਗ੍ਰਾਮ ਜਲਣਸ਼ੀਲ ਪਦਾਰਥ, ਚੀਨੀ ਬਣੀ ਸਟਾਰ ਪਿਸਤੌਲ, ਬੇਰੇਟਾ ਪਿਸਤੌਲ, ਏਕੇ-56 ਰਾਈਫਲ, ਇਲੈਕਟ੍ਰਾਨਿਕ ਸਰਕਟ, ਬੈਟਰੀਆਂ, ਰਿਮੋਟ ਕੰਟਰੋਲ ਅਤੇ ਟਾਈਮਰ ਬਰਾਮਦ ਕੀਤੇ ਗਏ ਹਨ। ਧਮਾਕਾਖੇਜ਼ ਸਮੱਗਰੀ ਵਿਚ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਨਾਈਟ੍ਰੇਟ ਅਤੇ ਸਲਫਰ ਸ਼ਾਮਲ ਹਨ।
ਪੁਲਿਸ ਅਨੁਸਾਰ, ਗ੍ਰਿਫਤਾਰ ਕੀਤੇ ਗਏ 8 ਵਿਚੋਂ 7 ਵਿਅਕਤੀ ਕਸ਼ਮੀਰ ਦੇ ਰਹਿਣ ਵਾਲੇ ਹਨ। ਉਨ੍ਹਾਂ ਵਿਚ ਆਰਿਫ ਨਿਸਾਰ ਡਾਰ ਉਰਫ ਸਾਹਿਲ, ਯਾਸਿਰ-ਉਲ-ਅਸ਼ਰਫ, ਮਕਸੂਦ ਅਹਿਮਦ ਦਾਰ ਉਰਫ ਸ਼ਾਹਿਦ (ਨੌਗਾਮ), ਮੌਲਵੀ ਇਰਫਾਨ ਅਹਿਮਦ (ਸ਼ੋਪੀਆਂ), ਜ਼ਮੀਰ ਅਹਿਮਦ ਅਹੰਗਰ (ਗਾਂਦਰਬਲ), ਡਾ. ਮੁਜ਼ਮਿਲ ਗਨਾਈ (ਪੁਲਵਾਮਾ) ਅਤੇ ਡਾ. ਅਦੀਲ (ਕੁਲਗਾਮ) ਸ਼ਾਮਲ ਹਨ, ਜਦਕਿ ਡਾ. ਸ਼ਾਹੀਨ ਲਖਨਊ ਦੇ ਵਸਨੀਕ ਹਨ।
ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਗਨਾਈ ਅਤੇ ਅਦੀਲ ਦੇ ਫੋਨਾਂ ’ਚ ਕਈ ਪਾਕਿਸਤਾਨੀ ਨੰਬਰ ਮਿਲੇ ਹਨ ਅਤੇ ਉਹ ਵਿਦੇਸ਼ੀ ਹੈਂਡਲਰਾਂ ਨਾਲ ਸੰਪਰਕ ’ਚ ਸਨ। ਜਾਂਚ ਤੋਂ ਪਤਾ ਲੱਗਾ ਕਿ ਇਹ ਗਿਰੋਹ ‘ਵ੍ਹਾਈਟ ਕਾਲਰ ਅਤਿਵਾਦੀ ਨੈਟਵਰਕ’ ਦਾ ਹਿੱਸਾ ਸੀ, ਜੋ ਸਮਾਜਕ ਤੇ ਚੈਰੀਟੇਬਲ ਕਾਰਜਾਂ ਦੇ ਨਾਂ ’ਤੇ ਫੰਡ ਇਕੱਠੇ ਕਰਦੇ ਅਤੇ ਵਿਦਿਆਰਥੀਆਂ ਨੂੰ ਕੱਟੜਪੰਥ ਵੱਲ ਧੱਕਦੇ ਸਨ।
ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਅਤਿਵਾਦੀ ਸੰਗਠਨਾਂ ਲਈ ਫੰਡ ਇਕੱਠੇ ਕਰਨ, ਹਥਿਆਰਾਂ ਦੀ ਖਰੀਦ, ਲੌਜਿਸਟਿਕ ਸਹਾਇਤਾ ਅਤੇ ਨਵੇਂ ਮੈਂਬਰਾਂ ਦੀ ਭਰਤੀ ਵਿਚ ਸ਼ਾਮਲ ਸਨ। ਪੁਲਿਸ ਕਮਿਸ਼ਨਰ ਸਤਿੰਦਰ ਕੁਮਾਰ ਗੁਪਤਾ ਨੇ ਦੱਸਿਆ ਕਿ ਗਨਾਈ ਦੇ ਟਿਕਾਣੇ ਤੋਂ 20 ਟਾਈਮਰ, ਇੱਕ ਵਾਕੀ ਟਾਕੀ ਸੈੱਟ, ਬੈਟਰੀਆਂ, ਮੈਗਜ਼ੀਨ ਅਤੇ 83 ਲਾਈਵ ਰਾਊਂਡ ਮਿਲੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ ਕਿਉਂਕਿ ਕਈ ਹੋਰ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ। ਜੰਮੂ-ਕਸ਼ਮੀਰ, ਹਰਿਆਣਾ ਅਤੇ ਯੂ.ਪੀ. ਪੁਲਿਸ ਮਿਲ ਕੇ ਹੋਰ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ।

More Related Stories
ਆਈਪੀਐਸ ਅਫਸਰ ਵਾਈ. ਪੂਰਨ ਕੁਮਾਰ ਖੁਦਕੁਸ਼ੀ ਮਾਮਲਾ: ਹਾਈ ਕੋਰਟ ਵੱਲੋਂ ਚੰਡੀਗੜ੍ਹ ਪੁਲਿਸ ਤੋਂ ਪ੍ਰਗਤੀ ਰਿਪੋਰਟ ਤਲਬ
ਲਾਲ ਕਿਲੇ ਨੇੜੇ ਵੱਡਾ ਧਮਾਕਾ : 8 ਮੌਤਾਂ, 24 ਜ਼ਖਮੀ, ਦਿੱਲੀ ’ਚ ਹਾਈ ਅਲਰਟ ਜਾਰੀ
ਇੰਦਰਾ ਗਾਂਧੀ ਹਵਾਈ ਅੱਡੇ ’ਤੇ GPS ਸਿਗਨਲ ਨਾਲ ਛੇੜਛਾੜ ਦਾ ਖੁਲਾਸਾ, 800 ਤੋਂ ਵੱਧ ਉਡਾਣਾਂ ਪ੍ਰਭਾਵਿਤ