ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਦਿਨ ਪਹਿਲਾਂ 800 ਤੋਂ ਵੱਧ ਉਡਾਣਾਂ ਦੇ ਦੇਰੀ ਨਾਲ ਉੱਡਣ ਦੇ ਮਾਮਲੇ ’ਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਹਵਾਈ ਅੱਡੇ ਦੇ ਗਲੋਬਲ ਪੋਜ਼ੀਸ਼ਨਿੰਗ ਸਿਸਟਮ (GPS) ਸਿਗਨਲ ਨਾਲ ਛੇੜਛਾੜ ਕੀਤੀ ਗਈ ਸੀ, ਜਿਸ ਨਾਲ ਕਈ ਉਡਾਣਾਂ ਦੀ ਨੈਵੀਗੇਸ਼ਨ ਪ੍ਰਭਾਵਿਤ ਹੋਈ।
ਮਿਲੀ ਜਾਣਕਾਰੀ ਅਨੁਸਾਰ 6 ਅਤੇ 7 ਨਵੰਬਰ ਦੀ ਸ਼ਾਮ ਲਗਭਗ 7 ਵਜੇ ਦੇ ਦਰਮਿਆਨ ਕਈ ਪਾਇਲਟਾਂ ਨੂੰ GPS ਤੋਂ ਫ਼ਰਜ਼ੀ ਸਿਗਨਲ ਮਿਲ ਰਹੇ ਸਨ। ਇਸ ਕਾਰਨ ਜਹਾਜ਼ ਦੀ ਸਥਿਤੀ ਕਾਕਪਿਟ ਸਕਰੀਨ ’ਤੇ ਗਲਤ ਦਿਖਣ ਲੱਗੀ, ਰਨਵੇਅ ਦੀ ਬਜਾਏ ਖੇਤਾਂ ਦੀ ਤਸਵੀਰ ਨਜ਼ਰ ਆਉਣੀ ਸ਼ੁਰੂ ਹੋ ਗਈ, ਅਤੇ ਉਚਾਈ ਸਬੰਧੀ ਡਾਟਾ ਵਿਚ ਭਰਮ ਪੈਦਾ ਹੋ ਗਿਆ।
ਇਸ ਸਥਿਤੀ ’ਚ ਪਾਇਲਟਾਂ ਨੇ ਆਟੋਮੈਟਿਕ ਨੈਵੀਗੇਸ਼ਨ ਦੀ ਥਾਂ ਮੈਨੂਅਲ ਮੋਡ ’ਤੇ ਜਾ ਕੇ ਉਡਾਣ ਜਾਰੀ ਰੱਖੀ। GPS ਸਿਗਨਲ ਵਿਚ ਆਈ ਰੁਕਾਵਟ ਕਾਰਨ ਏਅਰ ਟ੍ਰੈਫਿਕ ਕੰਟਰੋਲ (ATC) ਨੂੰ ਵੀ ਉਡਾਣਾਂ ਦੀ ਸਹੀ ਸਥਿਤੀ ਦੇ ਮੈਸੇਜ ਦੇਰ ਨਾਲ ਮਿਲ ਰਹੇ ਸਨ। ਸੁਰੱਖਿਆ ਦੇ ਮੱਦੇਨਜ਼ਰ ਕਈ ਉਡਾਣਾਂ ਨੂੰ ਜੈਪੁਰ ਅਤੇ ਹੋਰ ਨੇੜਲੇ ਹਵਾਈ ਅੱਡਿਆਂ ਵੱਲ ਡਾਇਵਰਟ ਕੀਤਾ ਗਿਆ।
ਯਾਦ ਰਹੇ ਕਿ 7 ਨਵੰਬਰ ਨੂੰ ATC ਦੇ ਆਟੋਮੈਟਿਕ ਮੈਸੇਜ ਸਵਿੱਚ ਸਿਸਟਮ ’ਚ ਆਈ ਤਕਨੀਕੀ ਖਰਾਬੀ ਕਾਰਨ ਇੰਦਰਾ ਗਾਂਧੀ ਹਵਾਈ ਅੱਡੇ ’ਤੇ 12 ਘੰਟਿਆਂ ਤੋਂ ਵੱਧ ਸਮੇਂ ਲਈ ਉਡਾਣਾਂ ਪ੍ਰਭਾਵਿਤ ਰਹੀਆਂ। 800 ਤੋਂ ਵੱਧ ਡੋਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟਸ ਦੇਰੀ ਨਾਲ ਉੱਡੀਆਂ, ਜਦਕਿ 20 ਉਡਾਣਾਂ ਰੱਦ ਕਰਨੀ ਪਈਆਂ। 48 ਘੰਟਿਆਂ ਬਾਅਦ ਹੀ ਹਵਾਈ ਅੱਡੇ ਦਾ ਅਪਰੇਸ਼ਨ ਨਾਰਮਲ ਹੋ ਸਕਿਆ।

More Related Stories
ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਕਿਸਾਨਾਂ ਤੇ ਪੁਲਿਸ ਵਿਚ ਤਣਾਅ, ਬੈਰੀਕੇਡ ਤੋੜ ਕੇ ਕਿਸਾਨ ਪਹੁੰਚੇ ਚੰਡੀਗੜ੍ਹ – ਯਾਤਰੀ ਪਰੇਸ਼ਾਨ
ਜਲੰਧਰ ‘ਚ ਸਿਟੀ ਇੰਸਟੀਚਿਊਟ ਦੀ ਬੱਸ ਤੇ ਕੰਟੇਨਰ ਦੀ ਟੱਕਰ, ਬੱਸ ਪਲਟੀ – ਵਿਦਿਆਰਥੀ ਸੁਰੱਖਿਅਤ
ਪੰਜਾਬ ਮੰਤਰੀ ਹਰਭਜਨ ਸਿੰਘ ਈਟੀਓ ਦਾ ਕੇਂਦਰ ਸਰਕਾਰ ‘ਤੇ ਹਮਲਾ: ਪੀ.ਯੂ. ਸੈਨੇਟ ਚੋਣਾਂ ਦੀ ਤਰੀਖ਼ ਤੁਰੰਤ ਐਲਾਨੀ ਜਾਵੇ